ਮੁੱਢਲੀ ਸਿੱਖਿਆ ਵਿੱਚ ਮਾਤ ਭਾਸ਼ਾ ਦਾ ਮਹੱਤਵ
ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਭਾਸ਼ਾ ਦੀ ਅਹਿਮ ਭੂਮਿਕਾ ਹੁੰਦੀ ਹੈ।ਭਾਸ਼ਾ ਰਾਹੀਂ ਉਹ ਆਪਣੇ ਚੌਗਿਰਦੇ ਵਿੱਚ ਵਾਪਰ ਕੁਦਰਤੀ ਪ੍ਰਕ੍ਰਿਆਵਾਂ ,ਸਮਾਜਿਕ ਘਟਨਾਵਾਂ ਅਤੇ ਮਨੁੱਖੀ ਸੰਬੰਧਾਂ ਪ੍ਰਤੀ ਆਪਣੀ ਸਮਝ,ਸੋਚ,ਵਿਚਾਰ ਤੇ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ।ਮਨੁੱਖ ਜਿਸ ਸਮਾਜ ਵਿੱਚ ਜਨਮ ਲੈਂਦਾ ਹੈ,ਵਿਚਰਦਾ ਹੈ ਉਸ ਸਮਾਜ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਪ੍ਰਭਾਵ ਉਸਦੀ ਸਖਸ਼ੀਅਤ ਵਿੱਚੋਂ ਝਲਕਦਾ ਹੈ। ਮਨੁੱਖ ਦੇ ਚੌਗਿਰਦੇ ਦੀ ਭਾਸ਼ਾ ਉਸਦੀ ਮਾਤ ਭਾਸ਼ਾ ਹੁੰਦੀ ਹੈ। ਮਾਤ ਭਾਸ਼ਾ ਮਾਂ-ਬੋਲੀ ਮਨੁੱਖ ਦੇ ਬੌਧਿਕ, ਮਾਨਸਿਕ, ਸਮਾਜਿਕ, ਭਾਵਾਤਮਿਕ ਅਤੇ ਨੈਤਿਕ ਵਿਕਾਸ ਲਈ ਬੁਨਿਆਦ ਹੈ।ਭਾਸ਼ਾ ਦੇ ਸਿੱਖਣ ਅਤੇ ਬੌਧਿਕ ਵਿਕਾਸ ਸੰਬੰਧੀ ਵਿਸ਼ਵ ਭਰ ਵਿੱਚ ਹੋਈਆ ਖੋਜਾਂ ਦੇ ਨਤੀਜਿਆਂ ਅਨੁਸਾਰ ਬੱਚੇ ਨੂੰ ਭਾਸ਼ਾਂ ਵਿੱਚ ਨਿਪੁੰਨਤਾ ਹਾਸਿਲ ਕਰਨ ਵਿੱਚ ਤਿੰਨ ਸਾਲ ਲੱਗਦੇ ਹਨ।ਇਸ ਲਈ ਬੱਚਿਆਂ ਦੀ ਮੁੱਢਲੀ ਸਿੱਖਿਆਂ ਉਹਨਾਂ ਦੀ ਮਾਂ ਬੋਲੀ ਵਿੱਚ ਹੀ ਦੇਣੀ ਚਾਹੀਦੀ ਹੈ। ਇਸ ਨਾਲ ਉਹਨਾਂ ਦੀ ਸਿੱਖਣ, ਸੰਕਲਪ ਗ੍ਰਹਿਣ ਅਤੇ ਸਕੰਲਪ ਨਿਰਮਾਣ ਕਰਨ ਦੀ ਸਮਰੱਥਾ ਜਿਆਦਾ ਵੱਧਦੀ ਹੈ। ਅੱਜ ਵਿਸ਼ਵੀਕਰਨ ਦੇ ਪ੍ਰਭਾਵ ਕਾਰਨ ਅਤੇ ਸਿੱਖਿਆਂ ਦੇ ਰੁਜਗਾਰ ਮੁੱਖੀ ਹੋਣ ਕਰਕੇ ਬਹੁਤ ਸਾਰੇ ਦੇਸ਼ ਬੱਚਿਆਂ ਨੂੰ ਮੁੱਢਲੀ ਸਿੱਖਿਆਂ ਉਹਨਾਂ ਦੀ ਮਾਂ ਬੋਲੀ ਵਿੱਚ ਨਾ ਦੇ ਕੇ ਹੋਰਨਾਂ ਵਿਦੇਸ਼ੀ ਭਾਸ਼ਾਵਾਂ ਵਿੱਚ ਦੇਣ ਨੂੰ ਤਰਜ਼ੀਹ ਦੇ ਰਹੇ ਹਨ।ਇਹਨਾਂ ਦੇਸ਼ਾ ਵਿੱਚ ਸਾਡਾ ਦੇਸ਼ ਭਾਰਤ ਵੀ ਹੈ।ਭਾਰਤ ਖਾਸ਼ ਤੌਰ ਤੇ ਪੰਜਾਬੀਆਂ ਅੰਦਰ ਆਪਣੇ ਬੱਚਿਆਂ ਨੂੰ ਦੂਜਿਆਂ ਭਾਸ਼ਾਵਾਂ ਵਿੱਚ ਸਿੱਖਿਅਤ ਕਰਨ ਦਾ ਰੁਝਾਣ ਵੱਧਦਾ ਜਾ ਰਿਹਾ ਹੈ।ਜਦੋਂ
ਬੱਚੇ ਨੂੰ ਮੁੱਢਲੀ ਸਿੱਖਿਆ ਉਸ ਭਾਸ਼ਾ ਵਿੱਚ ਦਿੱਤੀ ਜਾਂਦੀ ਹੈ ਜਿਹੜੀ ਉਸਦੇ ਘਰ ਦੀ ਭਾਸ਼ਾ ਨਹੀਂ ਤਾਂ ਸਿੱਖਣ ,ਸੰਕਲਪ ਗ੍ਰਹਿਣ ਅਤੇ ਸੰਕਲਪ ਨਿਰਮਾਣ ਦੀ ਪ੍ਰਕਿਰਿਆ ਵਿੱਚ ਉਹਨਾਂ ਵਿਦਿਆਰਥੀਆਂ ਤੋਂ ਪੱਛੜ ਜਾਂਦੇ ਹਨ ਜਿਹਨ੍ਹਾਂ ਨੂੰ ਮੁਢਲੀ ਸਿੱਖਿਆਂ ਉਹਨਾਂ ਦੀ ਮਾਤ ਭਾਸ਼ਾ ਵਿੱਚ ਦਿੱਤੀ ਜਾਂਦੀ ਹੈ।ਨੋਬਲ
ਪੁਰਸਕਾਰ ਵਿਜੇਤਾ ਡਾ. ਰਿਗੋਬਰੇਟਾ ਮੈਂਚੂ ਨੇ ਇੱਕ ਰਿਪੋਰਟ ਇਹ ਸਪਸ਼ਟ ਕੀਤਾ ਕਿ ਵਿਦਿਆਰਥੀ ਜਿਹਨ੍ਹਾਂ ਨੂੰ ਸਿੱਖਿਆਂ ਮਾਤ ਭਾਸ਼ਾਂ ਵਿੱਚ ਨਹੀਂ ਦਿੱਤੀ ਜਾਂਦੀ ਉਹ ਸਕੂਲਾਂ ਵਿੱਚ ਸਿੱਖਿਆਂ ਗ੍ਰਹਿਣ ਕਰਨ ਲਈ ਬਹੁਤ ਸੰਘਰਸ਼ ਕਰਦੇ ਹਨ। ਜਦੋਂ ਉਹ ਸਿੱਖਿਆਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਪਛੜ ਜਾਂਦੇ ਹਨ ਤਾਂ ਉਹ ਨਿਰਾਸ਼ ਹੋ ਕੇ ਸਕੂਲ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਉਹਨਾਂ ਦਾ ਸਿੱਖਿਆਂ ਅਧੂਰੀ ਛੱਡਣ ਦਾ ਕਾਰਣ ਕੋਈ ਆਰਥਿਕ ਮਜਬੂਰੀ , ਮਾਨਸਿਕ ਸੱਮਸਿਆਂ ਜਾਂ ਬੌਧਿਕ ਘਾਟ ਨਹੀਂ ਹੁੰਦਾ ਸਗੋਂ ਇਸਦਾ ਕਾਰਨ ਉਹ ਦੂਜੀ ਭਾਸ਼ਾ ਹੁੰਦੀ ਹੈ ਜਿਸ ਰਾਹੀਂ ਉਹਨਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੁੰਦਾ ਹੈ।ਡਾ.ਰਿਗਬੋਰਟਾ ਮੈਂਚੂ ਰਿਪੋਰਟ ਵਿੱਚ ਸਪਸ਼ਟ ਕਰਦੀ ਹੈ ਮਾਂ ਬੋਲੀ ਸਿੱਖੇ ਬਿਨ੍ਹਾਂ ਕਿਸੇ ਹੋਰ ਭਾਸ਼ਾਂ ਵਿੱਚ ਨਿਪੁੰਨਤਾ ਹਾਸਿਲ ਕਰਨ ਲਗਭਗ ਅਸੰਭਵ ਹੈ।ਡਾ.ਮੈਂਚੂ
ਦੇ ਇਸ ਕਥਨ ਦੀ ਪ੍ਰੋੜਤਾ ਮਾਤ ਭਾਸ਼ਾ ਦਾ ਬੱਚੇ ਦੀ ਸਿੱਖਿਆਂ ਤੇ ਪ੍ਰਭਾਵ ਵਿਸ਼ੇ ਤਹਿਤ ਕੀਤੇ ਵੱਖ-ਵੱਖ ਖੋਜ ਕਾਰਜ ਵੀ ਕਰਦੇ ਹਨ।ਇਹਨਾਂ ਖੋਜ ਕਾਰਜਾਂ ਦੇ ਨਤੀਜੇ ਇਹ ਸਪਸ਼ਟ ਕਰਦੇ ਹਨ ਕਿ ਜਿਹਨਾਂ ਵਿਦਿਆਰਥੀਆਂ ਦੀ ਮੁੱਢਲੀ ਸਿੱਖਿਆਂ ਉਹਨਾਂ ਦੀ ਮਾਤ ਭਾਸ਼ਾ ਵਿੱਚ ਹੋਈ ਹੈ ਉਹਨਾਂ ਦੇ ਸਿੱਖਣ ਦੇ ਨਤੀਜੇ ਉਹਨਾਂ ਵਿਦਿਆਰਥੀਆਂ ਨਾਲੋਂ ਉਤਮ ਹਨ ਜਿਹਨਾਂ ਦੀ ਮੁੱਢਲੀ ਸਿੱਖਿਆਂ ਦੂਜੀ ਭਾਸ਼ਾਂ ਵਿੱਚ ਹੋਈ ਹੈ ।ਉਹ ਬੱਚੇ ਹੋਰ ਭਾਸ਼ਾਵਾਂ ਸਿੱਖਣ ਅਤੇ ਸਵੈ ਪ੍ਰਗਟਾਵਾ ਕਰਨ ਵਿੱਚ ਜਿਆਦਾ ਸਮਰੱਥ ਹੁੰਦੇ ਹਨ।ਉਹ ਅਕਾਦਮਿਕ ਅਤੇ ਸਹਿ-ਅਕਾਦਮਿਕ ਪਾਠਕ੍ਰਮ ਨੂੰ ਆਸਾਨੀ ਨਾਲ ਸਮਝਦੇ ਹਨ ਅਤੇ ਸਕੂਲ ਪ੍ਰਤੀ ਉਸਾਰੂ ਰੱਵਈਆ ਰੱਖਦੇ ਹਨ।ਅਜਿਹੇ ਬੱਚਿਆਂ ਵਿੱਚ ਜੀਵਨ ਅਤੇ ਭਾਸ਼ਾਈ ਹੁਨਰਾਂ ਦਾ ਵਿਕਾਸ ਜਿਆਦਾ ਹੁੰਦਾ ਹੈ।ਖੋਜ ਨਤੀਜਿਆਂ ਤੋਂ ਇਹ ਵੀ ਸਪਸ਼ਟ ਹੋਇਆਂ ਹੈ ਕਿ ਬੱਚੇ ਦੀ ਰਚਨਾਤਮਿਕ,ਅਲੋਚਨਾਤਮਿਕ ਅਤੇ ਵਿਸ਼ਲੇਸ਼ਣਾਤਮਿਕ ਸੋਚ ਦਾ ਵਿਕਾਸ ਮਾਤ ਭਾਸ਼ਾ ਵਿੱਚ ਜਿਆਦਾ ਬਹੇਤਰ ਹੁੰਦਾ ਹੈ।ਮਾਂ-ਬੋਲੀ ਸਾਨੂੰ ਸਾਡੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਹੈ। ਯੂਨੈਸਕੋ ਨੇ ਮਾਤ ਭਾਸ਼ਾਂ ਦੇ ਮਹੱਤਵ ਦੇ ਸੰਦਰਭ ਵਿੱਚ ਸਪਸ਼ਟ ਕੀਤਾ ਕਿ ਜਿਹੜੇ ਦੇਸ਼ ਮਾਂ ਬੋਲੀ ਦੀ ਸਿੱਖਿਆ ਨੂੰ ਮਹੱਤਵ ਦਿੰਦੇ ਹਨ ਉਹ ਜਿਆਦਾ ਖੁਸ਼ਹਾਲ ਹਨ।ਜੇਕਰ ਬੱਚੇ ਨੂੰ ਉਸਦੀ ਮਾਂ ਬੋਲੀ ਵਿੱਚ ਸਿੱਖਿਅਤ ਕੀਤਾ ਜਾਂਦਾਂ ਹੈ ਤਾਂ ਉਸ ਵਿਦਿਆਰਥੀ ਦੇ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਜੀਵਨ ਵਿੱਚ ਸਫਲਤਾ ਹਾਸਿਲ ਕਰਨ ਦੀ ਦਰ ਦੂਜੀ ਭਾਸ਼ਾ ਵਿੱਚ ਸਿੱਖਿਅਤ ਬੱਚਿਆਂ ਨਾਲੋਂ ਵੱਧ ਹੋਵੇਗੀ।ਯੂਨੈਸਕੋ ਨੇ ਸਪਸ਼ਟ ਕੀਤਾ ਕਿ ਜੇਕਰ ਦੁਨੀਆਂ ਵਿੱਚ 171 ਲੱਖ ਵਿਅਕਤੀ ਗਰੀਬੀ ਦੇ ਕੁੱਚਕਰ ਤੋਂ ਆਪਣੇ ਉਪਰ ਉੱਠ ਸਕਦੇ ਹਨ ਜੇਕਰ ਉਹਨਾਂ ਵਿੱਚ ਸਕੂਲ ਛੱਡਣ ਤੋਂ ਪਹਿਲਾਂ ਮੁੱਢਲੀ ਪੜ੍ਹਨ ਯੋਗਤਾ ਦਾ ਵਿਕਾਸ ਹੋ ਸਕੇ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਉਹਨਾਂ ਦੀ ਮੁੱਢਲੀ ਸਿੱਖਿਆ ਮਾਂ- ਬੋਲੀ ਵਿੱਚ ਹੋਵੇ। ਟਰੋਂਟੋ ਯੂਨਵਿਰਸਿਟੀ ਦੇ ਪ੍ਰੋਫੈਸਰ ਕਿਊਮਨਸ ਨੇ ਕਿਹਾ ਕਿ ਖੋਜ ਇਹ ਸਪਸ਼ਟ ਕਰਦੀ ਹੈ ਕਿ ਮਾਂ ਬੋਲੀ ਦਾ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਉੱਘਾ ਯੋਗਦਾਨ ਹੁੰਦਾ ਹੈ।ਮਹਾਤਮਾ ਗਾਂਧੀ ਜੀ ਨੇ ਮੁੱਢਲੀ ਸਿੱਖਿਆ ਪ੍ਰਣਾਲੀ ਦੀ ਰੂਪ ਰੇਖਾ ਦਿੰਦੇ ਹੋਏ ਕਿਹਾ ਸੀ ਕਿ ਬੱਚੇ ਦੀ ਮੁੱਢਲੀ ਸਿੱਖਿਆਂਦਾ ਮਾਧਿਅਮ ਮਾਤ ਭਾਸ਼ਾ ਹੀ ਹੋਣਾ ਚਾਹੀਦਾ ਹੈ। ਸਾਡੇ ਸੰਵਿਧਾਨ ਦੀ ਧਾਰਾ 350-ਏ ਰਾਹੀਂ ਹਰ ਰਾਜ ਨੂੰ ਹਦਾਇਤ ਦਿੱਤੀ ਗਈ ਹੈ ਬੱਚੇ ਦੀ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਣਾ ਚਾਹੀਦਾ ਹੈ।ਸੈਕੰਡਰੀ ਐਜ਼ੂਕੇਸ਼ਨ ਕਮੀਸ਼ਨ 1952-53 ਅਤੇ ਕੋਠਾਰੀ ਕਮਿਸ਼ਨ 1964-65 ਵਿੱਚ ਸਕੂਲੀ ਸਿੱਖਿਆ ਦੇ ਨਾਲ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਕਰਨ ਦੀ ਤਜਵੀਜ ਕੀਤੀ ਗਈ।ਮਾਤ ਭਾਸ਼ਾ ਸ਼ਿਰਫ ਭਾਸ਼ਾ ਨਹੀਂ ਸਗੋਂ ਸਾਡੀ ਭਾਵਨਾ ਹੈ।ਇਸ ਰਾਹੀਂ ਅਸੀਂ ਸਵੈ ਪ੍ਰਗਟਾਵਾ ਕਰਦੇ ਹਾਂ। ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਗਿਆਨ ਨੂੰ ਮੌਖਿਕ ਅਤੇ ਲਿਖਤੀ ਰੂਪ ਵਿੱਚ ਆਪਣੀ ਅਗਲੀ ਪੀੜ੍ਹੀ ਤਕ ਹਸਤਾਂਤਰਿਤ ਕਰਦੇ ਹਾਂ।ਜਿਸ ਨਾਲ ਬੱਚਿਆਂ ਦਾ ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਹੁੰਦਾ ਹੈ ਅਤੇ ਉਹ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਹਨ।ਪਰ ਅੱਜ ਵਿਸ਼ਵੀਕਰਨ ਦੇ ਪ੍ਰਭਾਵ ,ਸਮਾਜਿਕ ਪ੍ਰਤਿਸ਼ਠਤਾ ਅਤੇ ਵਿਦੇਸ਼ ਵੱਸਣ ਦੀ ਚਾਹ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਮਾਂ-ਬੋਲੀ ਰਾਹੀ ਸਿੱਖਿਅਤ ਕਰਨ ਤੋਂ ਗੁਰੇਜ ਕਰ ਰਹੇ ਹਾਂ ਜਿਸਦਾ ਸਪਸ਼ਟ ਪ੍ਰਮਾਣ ਦੂਜਿਆਂ ਭਾਸ਼ਾਵਾਂ ਰਾਹੀ ਸਿੱਖਿਅਤ ਕਰਨ ਵਾਲੀਆਂ ਸੰਸਥਾਵਾਂ ਦੀ ਵੱਧ ਰਹੀ ਗਿਣਤੀ ਹੈ।ਅਸੀਂ ਬੱਚੇ ਨੂੰ ਸਿਰਫ ਮਾਂ-ਬੋਲੀ ਤੋਂ ਦੂਰ ਨਹੀਂ ਕਰ ਰਹੇ ਸਗੋਂ ਉਸ ਨੂੰ ਆਪਣੇ
ਵਿਰਸੇ,ਸੱਭਿਆਚਾਰ, ਦਰਸ਼ਨ
ਅਤੇ ਮਾਣਮੱਤੇ ਇਤਿਹਾਸ ਤੋਂ ਵਾਂਝੇ ਕਰ ਰਹੇ ਹਾਂ।ਆਪਣੀ ਬੋਲੀ,ਵਿਰਸੇ ਅਤੇ ਸੱਭਿਆਚਾਰ ਤੋਂ ਵਾਂਝੇ ਹੋਏ ਸਾਡੇ ਬੱਚੇ ਜਿੱਥੇ ਵਿਦੇਸ਼ੀ ਬੋਲੀ ਤੇ ਵਿਦੇਸ਼ੀ ਸੱਭਿਆਚਾਰ ਨੂੰ ਅਪਣਾ ਰਹੇ ਹਨ। ਉੱਥੇ ਉਹ ਆਪਣੀ ਮਾਤਰਭੂਮੀ ਨੂੰ ਛੱਡ ਪਰਵਾਸ ਨੂੰ ਤਰਜ਼ੀਹ ਦੇ ਰਹੇ ਹਨ।ਸਾਨੂੰ ਸਮੇਂ ਦੀ ਨਜ਼ਾਕਤ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਵਿਸ਼ਵ ਦੇ ਹਾਣੀ ਬਣਾਉਣ ਲਈ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਤਾਂ ਦੇਣਾ ਹੀ ਚਾਹੀਦਾ ਹੈ ਪਰ ਇਹ ਆਪਣੀ ਮਾਂ ਬੋਲੀ ਦੀ ਕੀਮਤ ਤੇ ਨਹੀਂ ਹੋਣਾ ਚਾਹੀਦਾ[
ਪੰਜਾਬ,ਪੰਜਾਬੀਅਤ ਅਤੇ ਪੰਜਾਬੀ ਦੀ ਹੋਂਦ ਬਰਕਰਾਰ ਰੱਖਣ ਲਈ ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਧਰਤੀ, ਵਿਰਸੇ ਅਤੇ ਬੋਲੀ ਨਾਲ ਜੋੜਨਾ ਚਾਹੀਦਾ ਹੈ।ਬੱਚਿਆਂ ਨੂੰ ਮੁੱਢਲੀ ਸਿੱਖਿਆ ਮਾਂ-ਬੋਲੀ ਵਿੱਚ ਦੇਣੀ ਚਾਹੀਦੀ ਹੈ।
No comments:
Post a Comment
meri boli meri pehchaan eh blog uhna saria layi hai jo maa boli nu piar krde han