Sunday, March 22, 2015




ਤੇਰੇ ਬਾਝੋਂ………..
ਤੇਰੀ ਯਾਦ ਜਦ ਵੀ ਆਉਂਦੀ ਹੈ
ਮੇਰੇ ਸੀਨੇ ਵਿੱਚ ਭਾਂਬੜ ਮਚਾਉਂਦੀ ਹੈ
ਤੂੰ ਜਿੰਨ੍ਹਾਂ ਕਰਦਾ ਸੈਂ ਪਿਆਰ ਮੈਨੂੰ
ਅੱਜ ਵੀ ਤੇਰੇ ਪਿਆਰ ਦੀ ਮਹਿਕ
ਮੇਰੇ ਅੰਗ ਅੰਗ ਵਿੱਚੋਂ ਆਉਂਦੀ ਹੈ
ਤੇਰੇ ਪਿਆਰ ਸਦਕਾ ਮੈਂ ਹਾਂ
ਤੂੰ ਤੁਰਨ ਲੱਗਿਆ ਕਿਹਾ ਸੀ
ਮੈਂ ਆਵਾਗਾਂ ਤੈਨੂੰ ਆਪਣੇ ਹੱਥੀ
ਪਟਰਾਣੀ ਬਨਾਵਾਗਾਂ
ਤੂੰ ਉਡੀਕੀ ਮੈਂ ਤੇਰੇ ਲਈ
ਨਵੇਂ ਸੁਪਨੇ ਸਜਾਵਾਗਾਂ
ਅਣਖ ਦਾ ਬੂਟਾ ਮੈਂ ਲਗਾਵਾਗਾਂ
ਤੂੰ ਉਡੀਕੀ ਮੈਂ ਜਰੂਰ ਆਵਾਗਾਂ
ਪਰ ਚੁਰਾਸੀ ਵਰ੍ਹੇ ਬੀਤ ਗਏ
ਨਾਂ ਤੂੰ ਆਇਆ ਨਾ ਅਣਖ ਦਾ ਬੂਟਾ ਲਗਾਇਆ
ਤੂੰ ਬੇਗਾਨਿਆਂ ਤੋਂ ਮੇਰੀ ਲਾਜ ਨੂੰ ਬਚਾਇਆ
ਤੇਰੇ ਸਦਕਾ ਮੈਂ ਰਾਜ ਪਾਇਆ
ਪਰ ਤੇਰੇ ਬਿਨਾਂ ਮੈਂ ਸ਼ਿਰਫ ਦੁੱਖ ਹੰਢਾਇਆ
ਵੇਖ ਤੇਰੇ ਸੁਪਨਿਆ ਦੇ ਰਾਜ ਨੂੰ
ਤੇਰੇ ਹੀ ਭਰਾਵਾਂ ਆਪ ਲੁਟਾਇਆ
ਤੇਰਾ ਪਹਿਰਾਵਾ ਤਾਂ ਇਹਨਾਂ ਖੂਬ ਹੰਢਾਇਆ
ਪਰ ਤੇਰੀ ਸੋਚ ਨੂੰ ਨਾ ਅਪਣਾਇਆ
ਇਹਨਾਂ ਨੇ ਕਦੇ ਜਾਤ,ਕਦੇ ਧਰਮ ਦੇ ਨਾਂ
ਮੇਰੇ ਤਨ ਨੂੰ ਵੰਡਾਇਆ
ਤੇਰੇ ਸੁਪਨਿਆ ਦੇ ਰਾਜ ਚੋਂ
ਨਵਾਂ ਰਾਜ ਬਣਾਇਆ
ਤੇਰੇ ਸੁਪਨਿਆਂ ਨੂੰ ਮਿੱਟੀ ਵਿੱਚ ਮਿਲਾਇਆ
ਪਰ ਤੂੰ ਨਾ ਆਇਆ
ਮੇਰਾ ਦੁੱਖ ਨਾ ਵੰਡਾਇਆ
ਤੂੰ ਕਹਿੰਦਾ ਸੀ ਤੂੰ ਆਜਾਦ ਹੋਵੇਂਗੀ
ਤੈਨੂੰ ਮਾਣ ਮਿਲੇਗਾ
ਤੇਰਾ ਨਾਮ ਰੌਸਨ ਹੋਵੇਗਾ
ਤੇਰੀ ਜੈ ਜੈ ਕਾਰ ਹੋਵੇਗੀ
ਫਿਰ ਤੋਂ ਰਾਮ ਰਾਜ ਹੋਵੇਗਾ
ਨਾਨਕ ਦਾ ਸੁਪਨਾ ਸਾਕਾਰ ਹੋਵੇਗਾ
ਨਾ ਕੋਈ ਉੱਚਾ,ਨਾ ਕੋਈ ਨੀਵਾਂ
ਹਰ ਕੋਈ ਇਨਸਾਨ ਹੋਵੇਗਾ
ਹਰ ਘਰ ਰੁੱਖ ਹੋਵੇਗਾ
ਨਾ ਕੋਈ ਦੁੱਖ ਹੋਵੇਗਾ
ਕਿਰਤ ਦਾ ਮੁੱਲ ਪਵੇਗਾ
ਕਾਮਾ ਵੀ ਰੱਜ ਖਾਵੇਗਾ
ਆਪਣੇ ਹੱਕ ਪਾਵੇਗਾ
ਸਿੱਖਿਆ ਦਾ ਚਾਣਨ ਹੋਵੇਗਾ
ਅੰਧ ਵਿਸ਼ਵਾਸ਼ ਦਾ ਹਨੇਰਾ ਛੁੱਪੇਗਾ
ਤਰਕ ਦਾ ਚਾਣਨ ਫੈਲਗਾ
ਤੂੰ ਆਪਣੀ ਗੋਦ ਵਿੱਚ ਮੈਂਨੂੰ ਸੌਂ ਲੈਣ ਦੇ
ਨਵੇਂ ਸੁਪਨੇ ਸੰਜੋ ਲੈਣ ਦੇ
ਤੂੰ ਤਾਂ ਸੌਂ ਗਿਆ
ਨਵੇਂ ਸੁਪਨੇ ਸੰਜੋ ਗਿਆ
ਉੱਠ ! ਜਾਗ! ਤੇ ਵੇਖ
ਤੇਰੇ ਸੁਪਨਿਆਂ ਨੂੰ
ਭ੍ਰਿਸ਼ਟਾਚਾਰ ਤੇ ਸਰਮਾਏਦਾਰੀ ਦਾ
ਨਾਗ ਨਿਗਲ ਰਿਹਾ ਹੈ
ਤੇਰੇ ਬਾਝੋਂ ਮੇਰੇ ਅੰਗ ਅੰਗ ਤੇ ਡੰਗ
ਮਾਰ ਰਿਹਾ ਹੈ
ਤੇਰੇ ਵਾਰਸਾਂ ਨੂੰ ਨਸ਼ੇ ਦੇ ਜਹਿਰ ਨਾਲ ਮਾਰ ਰਿਹਾ ਹੈ
ਵੇਖ ਵੇਖ ਤੇਰੇ ਵਾਰਸਾ ਨੂੰ ਇਹ ਨਾਗ ਨਿਗਲ ਰਿਹਾ ਹੈ
ਮੈਂ ਲਾਚਾਰ ਹਾਂ, ਮੈਂ ਬੇਬਸ ਹਾਂ
ਸਭ ਦੇਖ ਰਹੀ ਹਾਂ
ਮੈਂ  ਚੀਖ ਰਹੀ ਹਾਂ
ਮੈਂ ਪੁਕਾਰ ਰਹੀਂ ਹਾ
ਪਰ ਤੇਰੇ ਬਾਝੋਂ
ਅੱਜ ਕੋਈ ਨਹੀ ਜੋ
ਮੈਂਨੂੰ ਸੁਣ ਸਕੇ
ਮੈਂਨੂੰ ਬਚਾ ਸਕੇ
ਜਾ ਹੁਣ ਤੂੰ ਜਾ
ਅਣਖ ਦਾ ਬੂਟਾ ਲਗਾ ਜਾ
ਆਪਣੇ ਵਾਰਸਾਂ ਨੂੰ ਪਿਆਰ
ਦਾ ਪਾਠ ਪੜ੍ਹਾ ਜਾ
ਸੁੱਤੀ ਕੌਮ ਦੀ ਅਣਖ ਜਗ੍ਹਾ ਜਾ
ਜਾ ਹੁਣ ਤੂੰ ਜਾ……………….

ਪ੍ਰੋ: ਗੁਰਵਿੰਦਰ ਸਿੰਘ
੨੩ ਮਾਰਚ ੨੦੧੫